3 0
Read Time:8 Minute, 15 Second
  • ਨਿਊਜ਼ੀਲੈਂਡ ਵਿੱਚ ਮੋਰਗੇਜੀ ਸੇਲਾਂ (Mortgagee Auctions) ਵਿੱਚ ਘਰ ਖਰੀਦਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ *
    -ਆਪਣੇ ਤਜਰਬੇ ਦੇ ਅਧਾਰ ਤੇ

ਕੈਪਟਲਿਸਟ ਸਿਸਟਮ (ਸਰਮਾਏਦਾਰੀ ਯੁੱਗ) ਵਿੱਚ ਸਾਰੇ ਕਾਰੋਬਾਰ ਪ੍ਰੋਫਿਟ ਤੇ ਅਧਾਰਤ ਹੁੰਦੇ ਹਨ l ਜਿਹੜੇ ਸੈਕਟਰ ਜਾਂ ਮਹਿਕਮੇ ਸਰਕਾਰ ਅਧੀਨ ਹੁੰਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਹਿਤ ਵਿੱਚ ਗਿਣਿਆ ਜਾ ਸਕਦਾ ਹੈ ਪਰ ਜਿਹੜੇ ਮਹਿਕਮੇ ਸਰਕਾਰ ਦੇ ਥੱਲੇ ਚੱਲਦੇ ਹਨ ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕੰਮ ਵਧੀਆ ਤਰੀਕੇ ਨਾਲ ਨਹੀਂ ਹੁੰਦਾ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਪ੍ਰਾਈਵੇਟ ਕਰਨ ਬਾਰੇ ਸਰਕਾਰ ਸੋਚਣ ਲੱਗ ਪੈਂਦੀ ਹੈ l

ਨਿਊਜ਼ੀਲੈਂਡ ਵਿੱਚ ਪਰੌਪਰਟੀ ਦਾ ਕਾਰੋਬਾਰ ਬਹੁਤ ਵੱਡਾ ਹੈ ਜਿਸ ਵਿੱਚ ਹਜ਼ਾਰਾਂ ਲੋਕ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਰੋਟੀ ਪਾਣੀ ਚਲਾਉਂਦੇ ਹਨ l

ਕੈਪਟਲਿਸਟ ਸਿਸਟਮ ਵਿੱਚ ਮਾਰਕੀਟਾਂ ਨੂੰ ਪਹਿਲਾਂ ਉੱਪਰ ਚੁੱਕਿਆ ਜਾਂਦਾ ਹੈ ਅਤੇ ਫਿਰ ਕੁੱਝ ਸਾਲਾਂ ਬਾਦ ਮਾਰਕੀਟ ਨੂੰ ਥੱਲੇ ਸੁੱਟਿਆ ਜਾਂਦਾ ਹੈ l ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਵੀ ਇਸੇ ਤਰਾਂ ਹੈ l ਪਹਿਲਾਂ ਇਸ ਨੂੰ ਉੱਪਰ ਚੁੱਕਿਆ ਜਾਂਦਾ ਹੈ ਅਤੇ ਫਿਰ ਥੱਲੇ ਸੁੱਟਿਆ ਜਾਂਦਾ ਹੈ l ਇਸ ਨਾਲ ਕਈ ਨਵੇਂ ਕਰੋੜਪਤੀ ਬਣਦੇ ਹਨ ਅਤੇ ਕਈ ਪਹਿਲੇ ਬਣੇ ਹੋਏ ਸੜਕ ਤੇ ਆ ਜਾਂਦੇ ਹਨ l ਕੈਪਟਲਿਸਟਾਂ ਦੀ ਇਸ ਨੀਤੀ ਵਿੱਚ ਮੱਧ ਵਰਗੀ ਪਰਿਵਾਰ ਬਹੁਤ ਜਿਆਦਾ ਰਗੜੇ ਜਾਂਦੇ ਹਨ l ਇਹ ਮੱਧ ਵਰਗੀ ਪਰਿਵਾਰ ਜੋ ਕਾਫੀ ਪੜ੍ਹੇ ਲਿਖੇ ਵੀ ਹੁੰਦੇ ਹਨ ਮਾਰਕੀਟ ਉੱਪਰ ਜਾਣ ਵੇਲੇ ਵੀ ਘਾਟਾ ਖਾਂਦੇ ਹਨ ਅਤੇ ਮਾਰਕੀਟ ਥੱਲੇ ਜਾਣ ਵੇਲੇ ਵੀ ਘਾਟਾ ਖਾਂਦੇ ਹਨ l

ਜਿਸ ਵਿਅਕਤੀ ਨੇ ਘਰ ਖਰੀਦਣ ਵਾਸਤੇ ਕਰਜ਼ਾ ਲਿਆ ਹੋਵੇ ਅਤੇ ਉਸ ਪਾਸੋਂ ਉਸ ਕਰਜ਼ੇ ਦੀ ਕਿਸ਼ਤ ਬੈੰਕ ਨੂੰ ਕੁੱਝ ਮਹੀਨੇ ਨਾ ਮੋੜ ਹੋਵੇ ਤਾਂ ਬੈੰਕ ਉਸ ਘਰ ਨੂੰ ਬੋਲੀ (Auction) ਰਾਹੀਂ ਵੇਚ ਦਿੰਦੀ ਹੈ l ਇਸ ਨੂੰ ਮੋਰਗੇਜੀ ਸੇਲ ਕਹਿੰਦੇ ਹਨ l ਜਦੋਂ ਵਿਆਜ ਘੱਟ ਹੋਵੇ ਅਤੇ ਘਰਾਂ ਦੀ ਮਾਰਕੀਟ ਉੱਪਰ ਨੂੰ ਜਾਂਦੀ ਹੋਵੇ ਤਾਂ ਇਸ ਤਰਾਂ ਦੀਆਂ ਸੇਲਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ l

ਜਦੋਂ ਘਰਾਂ ਦੇ ਕਰਜ਼ੇ ਦੇ ਵਿਆਜ ਜਿਆਦਾ ਵਧ ਜਾਣ ਤਾਂ ਘਰਾਂ ਦੀ ਮਾਰਕੀਟ ਥੱਲੇ ਆਉਣ ਲਗਦੀ ਹੈ l ਕਈ ਲੋਕਾਂ ਦੀਆਂ ਨੌਕਰੀਆਂ ਛੁੱਟ ਜਾਂਦੀਆਂ ਹਨ ਤਾਂ ਉਹ ਉਸ ਘਰ ਦੀ ਕਿਸ਼ਤ ਨਹੀਂ ਦੇ ਸਕਦੇ l ਸਿੱਟੇ ਵਜੋਂ ਬੈੰਕ ਘਰ ਨੂੰ ਮੋਰਗੇਜ਼ੀ ਸੇਲ ਰਾਹੀਂ ਵੇਚ ਦਿੰਦੀ ਹੈ l

ਹੁਣ ਨਿਊਜ਼ੀਲੈਂਡ ਵਿੱਚ ਇਹ ਸਮਾਂ ਚੱਲ ਰਿਹਾ ਹੈ l ਡੇਢ ਕੁ ਸਾਲ ਪਹਿਲਾਂ ਘਰਾਂ ਦਾ ਵਿਆਜ ਦੋ ਜਾਂ ਢਾਈ ਪ੍ਰਤੀਸ਼ਤ ਸੀ l ਹੁਣ ਸਾਢੇ ਚਾਰ ਤੋਂ ਸਾਢੇ ਪੰਜ ਪ੍ਰਤੀਸ਼ਤ ਹੋ ਗਿਆ ਹੈ ਭਾਵ ਕੁੱਝ ਲੋਕਾਂ ਦੇ ਘਰਾਂ ਦੇ ਵਿਆਜ ਦੀ ਕਿਸ਼ਤ ਦੁੱਗਣੀ ਦੇ ਕਰੀਬ ਹੋ ਗਈ ਹੈ ਅਤੇ ਕੁੱਝ ਦੀ ਦੁੱਗਣੀ ਹੋ ਜਾਵੇਗੀ l ਜਿਨਾਂ ਲੋਕਾਂ ਨੇ ਕਰਜ਼ਾ ਫਿਕਸ ਕਰਵਾਇਆ ਹੁੰਦਾ ਹੈ ਉਨ੍ਹਾਂ ਨੂੰ ਵਿਆਜ ਵਧਣ ਨਾਲ ਕੋਈ ਫਰਕ ਨਹੀਂ ਪੈਂਦਾ l

ਘਰਾਂ ਦੇ ਕਰਜ਼ੇ ਦੇ ਵਿਆਜ ਵਧਣ ਕਾਰਣ ਕੁੱਝ ਲੋਕ ਆਪਣੇ ਘਰਾਂ ਦੀਆਂ ਕਿਸ਼ਤਾਂ ਨਹੀਂ ਦੇ ਸਕਣਗੇ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਘਰ ਮੋਰਗੇਜੀ ਸੇਲ ਤੇ ਜਾ ਸਕਦੇ ਹਨ l

ਇਸੇ ਸਮੇਂ ਕੁੱਝ ਲੋਕ ਇਸ ਤਰਾਂ ਦੀਆਂ ਮੋਰਗੇਜੀ ਸੇਲਾਂ ਵਿੱਚੋਂ ਘਰ ਖਰੀਦ ਕੇ ਫਾਇਦਾ ਵੀ ਖੱਟਦੇ ਹਨ l ਕਈ ਮੋਰਗੇਜੀ ਸੇਲ ਤੇ ਘਰ ਖਰੀਦ ਕੇ ਘਾਟਾ ਵੀ ਖਾਂਦੇ ਹਨ l

ਮੋਰਗੇਜੀ ਸੇਲਾਂ ਵਿੱਚ ਘਰ ਖਰੀਦਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ :-
*ਸਭ ਤੋਂ ਪਹਿਲਾਂ ਆਪਣੇ ਅਥੋਰਾਇਜ਼ਡ ਫਾਈਨੈਂਸ਼ਲ ਅਡਵਾਇਜਰ ਦੀ ਸਲਾਹ ਜਰੂਰੀ ਹੈ l
*ਮੋਰਗੇਜੀ ਸੇਲ ਦੇ ਸਾਰੇ ਕਾਗਜ ਆਪਣੇ ਵਕੀਲ ਤੋਂ ਚੈੱਕ ਕਰਵਾਉਣੇ ਨਾ ਭੁੱਲੋ l
*ਇਹ ਯਾਦ ਰੱਖੋ ਕਿ ਮੋਰਗੇਜੀ ਓਕਸ਼ਨ ਆਮ ਓਕਸ਼ਨ ਨਹੀਂ ਹੁੰਦੀ l ਆਮ ਓਕਸ਼ਨ ਮਾਲਕ ਆਪਣੇ ਘਰ ਨੂੰ ਵੇਚਣ ਵਾਸਤੇ ਕਰਵਾਉਂਦਾ ਹੈ ਅਤੇ ਮੋਰਗੇਜੀ ਓਕਸ਼ਨ ਬੈੰਕ ਆਪਣਾ ਕਰਜ਼ਾ ਪੂਰਾ ਕਰਨ ਲਈ ਕਰਵਾਉਂਦੀ ਹੈ l ਇਸ ਦਾ ਬਹੁਤ ਵੱਡਾ ਫਰਕ ਹੈ l
*ਮੋਰਗੇਜੀ ਸੇਲ ਤੇ ਘਰ ਖਰੀਦਣ ਤੋਂ ਪਹਿਲਾਂ ਆਪਣੀ ਬੈੰਕ ਤੋਂ ਉਸ ਘਰ ਵਾਸਤੇ ਅਨਕੰਡੀਸ਼ਨਲ ਫਾਇਨੈਂਸ ਅਪਰੂਵਲ ਲੈਣਾ ਜਰੂਰੀ ਹੁੰਦਾ ਹੈ l
*ਸੇਲ ਤੇ ਜਾਣ ਤੋਂ ਪਹਿਲਾਂ ਫੈਸਲਾ ਕਰ ਕੇ ਜਾਓ ਕਿ ਤੁਸੀਂ ਵੱਧ ਤੋਂ ਵੱਧ ਉਸ ਘਰ ਦੇ ਕਿੰਨੇ ਪੈਸੇ ਦੇਣੇ ਹਨ? ਨਹੀਂ ਤਾਂ ਤੁਸੀਂ ਘਰ ਮਹਿੰਗਾ ਖਰੀਦ ਲਵੋਗੇ l
*ਮੋਰਗੇਜੀ ਸੇਲ ਤੇ ਜਾਣ ਤੋਂ ਪਹਿਲਾਂ ਉਸ ਘਰ ਦੀ ਇੰਸ਼ੋਰੈਂਸ ਦਾ ਇੰਤਜ਼ਾਮ ਕਰ ਕੇ ਜਾਓ l ਜੇ ਤੁਸੀਂ ਘਰ ਖਰੀਦ ਲੈਂਦੇ ਹੋ ਤਾਂ ਉਸੇ ਸਮੇਂ ਤੋਂ ਘਰ ਨੂੰ ਹੋਏ ਕਿਸੇ ਵੀ ਨੁਕਸਾਨ ਦੇ ਤੁਸੀਂ ਜਿੰਮੇਵਾਰ ਹੋ l
*ਕਈ ਵਾਰ ਇਸ ਤਰਾਂ ਦੇ ਘਰ ਨੂੰ ਮਾਲਕ ਬੋਲੀ ਤੋਂ ਪਹਿਲਾਂ ਦੇਖਣ ਵੀ ਨਹੀਂ ਦਿੰਦੇ l ਇਸ ਕਰਕੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਘਰ ਵਿੱਚ ਕਿੰਨਾ ਕੰਮ ਕਰਵਾਉਣ ਵਾਲਾ ਹੈ ਜਾਂ ਘਰ ਦੇ ਅੰਦਰ ਕੀ ਨੁਕਸ ਹੈ ?
*ਤੁਹਾਡੇ ਘਰ ਖਰੀਦਣ ਤੋਂ ਬਾਦ ਵੀ ਸੈਟਲਮੈਂਟ ਤੋਂ ਪਹਿਲਾਂ ਘਰ ਵਿੱਚ ਰਹਿਣ ਵਾਲਾ ਘਰ ਨੂੰ ਵੱਡਾ ਨੁਕਸਾਨ ਕਰਕੇ ਜਾ ਸਕਦਾ ਹੈ ਜਿਸ ਦੇ ਜਿੰਮੇਵਾਰ ਤੁਸੀਂ ਹੋਵੋਗੇ ਭਾਵੇਂ ਅਜੇ ਘਰ ਤੁਹਾਡੇ ਨਾਮ ਵੀ ਨਹੀਂ ਹੋਇਆ l
*ਕਈ ਵਾਰ ਸੈਟਲਮੈਂਟ ਵੇਲੇ ਘਰ ਵਿੱਚ ਰਹਿ ਰਿਹਾ ਵਿਅਕਤੀ ਘਰ ਛੱਡ ਕੇ ਹੀ ਨਹੀਂ ਜਾਂਦਾ l ਇਸ ਕਰਕੇ ਤੁਸੀਂ ਉਸ ਘਰ ਨੂੰ ਖਰੀਦਣ ਦੇ ਬਾਵਯੂਦ ਉਸ ਵਿੱਚ ਮੂਵ ਨਹੀਂ ਕਰ ਸਕਦੇ ਅਤੇ ਨਾ ਹੀ ਆਪਣਾ ਕਿਰਾਏਦਾਰ ਮੂਵ ਕਰਾ ਸਕਦੇ ਹੋ l ਕਿਸ਼ਤ ਤੁਹਾਨੂੰ ਦੇਣੀ ਪੈਂਦੀ ਹੈ ਪਰ ਰਹਿ ਕੋਈ ਹੋਰ ਰਿਹਾ ਹੈ l ਉਸ ਨੂੰ ਜਬਰਦਸਤੀ ਘਰੋਂ ਕੱਢਣ ਵਾਸਤੇ ਛੇ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਜਿਸ ਉੱਪਰ ਵਕੀਲ ਦਾ ਖਰਚਾ ਕਈ ਹਜ਼ਾਰ ਡਾਲਰ ਆ ਸਕਦਾ ਹੈ ਅਤੇ ਇਸ ਨੂੰ ਛੇ ਮਹੀਨੇ ਵੀ ਲੱਗ ਸਕਦੇ ਹਨ l
*ਜੇਕਰ ਵਕੀਲ ਕਰਕੇ, ਅਦਾਲਤਾਂ ਦੇ ਚੱਕਰ ਕੱਢ ਕੇ ਅਤੇ ਹਜ਼ਾਰਾਂ ਡਾਲਰ ਖਰਚ ਕੇ ਤੁਸੀਂ ਉਸ ਨੂੰ ਕੱਢ ਵੀ ਦਿੰਦੇ ਹੋ ਤਾਂ ਉਹ ਜਾਣ ਵੇਲੇ ਘਰ ਦੀ ਤੋੜ ਭੰਨ ਕਰਕੇ ਜਾ ਸਕਦਾ ਹੈ ਜਾਂ ਘਰ ਨੂੰ ਅੱਗ ਲਗਾ ਕੇ ਜਾ ਸਕਦਾ ਹੈ l ਆਪਣੀ ਇੰਸ਼ੋਰੈਂਸ ਨਾਲ ਪਹਿਲਾਂ ਚੈੱਕ ਕਰੋ ਕਿ ਜੇਕਰ ਇਸ ਤਰਾਂ ਹੁੰਦਾ ਹੈ ਤਾਂ ਕੀ ਉਹ ਹੋਏ ਨੁਕਸਾਨ ਦਾ ਖਰਚਾ ਭਰਨਗੇ ਅਤੇ ਉਸ ਦੀ ਏਕਸੈਸ (excess) ਕਿੰਨੀ ਹੋਵੇਗੀ?
*ਘਰ ਵਿੱਚ ਪਹਿਲਾਂ ਰਹਿ ਰਿਹਾ ਮਾਲਕ ਪੀ ਡਰੱਗ ਵਰਗੇ ਨਸ਼ੇ ਨੂੰ ਵਰਤਦਾ ਜਾਂ ਕੁੱਕ ਕਰਦਾ ਹੋ ਸਕਦਾ ਹੈ ਜਿਸ ਨਾਲ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ l ਆਪਣੀ ਇੰਸ਼ੋਰੈਂਸ ਕੰਪਨੀ ਨੂੰ ਪਹਿਲਾਂ ਪੁੱਛਣ ਦੀ ਲੋੜ ਹੈ ਕਿ ਇਸ ਹਾਲਤ ਵਿੱਚ ਹੋਏ ਨੁਕਸਾਨ ਨੂੰ ਉਹ ਭਰਨਗੇ ਜਾਂ ਨਹੀਂ? ਜਿਆਦਾ ਚਾਨਸ ਹੈ ਕਿ ਇੰਸ਼ੋਰੈਂਸ ਕੰਪਨੀ ਨੁਕਸਾਨ ਨਹੀਂ ਭਰੇਗੀ ਕਿਉਂਕਿ ਨੁਕਸਾਨ ਤੁਹਾਡੇ ਇੰਸ਼ੋਰੈਂਸ ਕਰਵਾਉਣ ਤੋਂ ਪਹਿਲਾਂ ਹੋ ਚੁੱਕਾ ਹੁੰਦਾ ਹੈ l

ਕਦੇ ਵੀ ਆਪਣੇ ਵਕੀਲ ਦੀ ਸਲਾਹ ਤੋਂ ਬਿਨਾਂ ਮੋਰਗੇਜੀ ਸੇਲ ਪ੍ਰੌਪਰਟੀ ਨਾ ਖਰੀਦੋ ਜਿਸ ਬਾਰੇ ਤੁਹਾਨੂੰ ਪਤਾ ਹੀ ਨਹੀਂ l ਕਈ ਵਾਰ ਸਸਤੀ ਪ੍ਰੌਪਰਟੀ ਬਹੁਤ ਮਹਿੰਗੀ ਪੈ ਜਾਂਦੀ ਹੈ l ਜੇਕਰ ਤੁਸੀਂ ਇਸ ਖੇਤਰ ਵਿੱਚ ਤਜਰਬਾ ਰੱਖਦੇ ਹੋ ਤਾਂ ਵੱਖਰੀ ਗੱਲ ਹੈ l ਵਾਰ ਵਾਰ ਘਰ ਖਰੀਦਣ ਨਾਲ ਤੁਹਾਨੂੰ ਤਜਰਬਾ ਹੁੰਦਾ ਰਹਿੰਦਾ ਹੈ ਜਿਸ ਨੂੰ ਆਪਣੇ ਫਾਇਦੇ ਲਈ ਵਰਤਿਆ ਜਾ ਸਕਦਾ ਹੈ l ਹਮੇਸ਼ਾਂ ਇਹ ਯਾਦ ਰੱਖੋ ਕਿ ਸਸਤੀ ਸਲਾਹ ਕਈ ਵਾਰੀ ਸਭ ਤੋਂ ਮਹਿੰਗੀ ਪੈਂਦੀ ਹੈ l ਆਪਣੀ ਜਿੰਦਗੀ ਦੀ ਕਮਾਈ ਨੂੰ ਅਜਾਈਂ ਨਾ ਜਾਣ ਦਿਓ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *