2 0
Read Time:7 Minute, 38 Second
  • ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ *
    – ਆਪਣੇ ਤਜਰਬੇ ਤੇ ਅਧਾਰਤ

ਸਰਮਾਏਦਾਰ ਸਰਕਾਰਾਂ ਚਲਾਉਂਦੇ ਹਨ, ਸਰਕਾਰਾਂ ਲੋਕਾਂ ਨੂੰ ਚਲਾ ਰਹੀਆਂ ਹਨ ਅਤੇ ਲੋਕ ਇੱਕ ਦੂਜੀ ਸਰਕਾਰ ਦਾ ਪੱਖ ਪੂਰਦੇ ਹੋਏ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਲੜਦੇ ਹਨ l

ਸੋਸ਼ਲ ਮੀਡੀਆ ਤੇ ਲੜਨ ਵੇਲੇ ਬਹੁਤਿਆਂ ਨੂੰ ਸਭਿਅਕ ਭਾਸ਼ਾ ਜਾਂ ਦਲੀਲ ਦਾ ਵੀ ਚੇਤਾ ਨਹੀਂ ਰਹਿੰਦਾ l

ਮੈਂ ਬਹੁਤ ਹੈਰਾਨ ਹੁੰਦਾ ਹਾਂ ਜਿਸ ਵੇਲੇ ਸੋਸ਼ਲ ਮੀਡੀਆ ਤੇ ਲੋਕ ਇੱਕ ਦੂਜੇ ਨਾਲ ਗਾਲੋ ਬਾਲੀ ਹੋ ਕੇ ਆਪਸੀ ਭਾਈਚਾਰਕ ਰਿਸ਼ਤੇ ਖਰਾਬ ਕਰਦੇ ਹਨ ਅਤੇ ਕਈ ਕਈ ਸਾਲ ਇੱਕ ਦੂਜੇ ਨਾਲ ਬੋਲਦੇ ਵੀ ਨਹੀਂ l ਗਾਲੋ ਬਾਲੀ ਹੋਣ ਵੇਲੇ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਪੜ੍ਹਦੇ ਹਨ l

ਜੇ ਬਰੀਕੀ ਨਾਲ ਸੋਚਿਆ ਜਾਵੇ ਤਾਂ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਲੋਕ ਇੱਕ ਮੁੱਠ ਨਾ ਹੋਣ l ਜਦੋਂ ਲੋਕ ਇਕੱਠੇ ਹੋ ਜਾਣ ਜਾਂ ਇੱਕ ਸੋਚ ਨੂੰ ਸਮਰਪਤ ਹੋ ਜਾਣ ਤਾਂ ਉਨ੍ਹਾਂ ਵਲੋਂ ਸਰਕਾਰ ਪ੍ਰਤੀ ਜੰਗ ਲੜਨ ਦੇ ਮੌਕੇ ਵਧ ਜਾਂਦੇ ਹਨ l

ਇਸੇ ਕਰਕੇ ਸਰਕਾਰਾਂ ਧਰਮਾਂ ਵਿੱਚ ਵੰਡ ਕੇ, ਜਾਤਾਂ ਵਿੱਚ ਵੰਡ ਕੇ, ਗਰੁੱਪਾਂ ਵਿੱਚ ਵੰਡ ਕੇ, ਡੇਰਿਆਂ ਵਿੱਚ ਵੰਡ ਕੇ ਅਤੇ ਪਬੰਦੀਆਂ ਲਗਾ ਕੇ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ l

ਜਦੋਂ ਪਬੰਦੀਆਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਮੁਲਕਾਂ ਵਿੱਚ ਨੋਟ ਬੰਦੀ, ਬੈਂਕ ਬੰਦੀ, ਕਰੋਨਾ ਬੰਦੀ, ਸਕੂਲ ਬੰਦੀ, ਅਧਾਰ ਬੰਦੀ, ਕਰਜ਼ਾ ਬੰਦੀ, ਮੀਡੀਆ ਬੰਦੀ, ਜੁਬਾਨ ਬੰਦੀ, ਦੇਸ਼ ਬੰਦੀ ਸਮੇਤ ਕਈ ਹੋਰ ਬੰਦੀਆਂ (ਪਬੰਦੀਆਂ) ਵੀ ਸ਼ਾਮਲ ਹਨ l

ਉਪਰੋਕਤ ਸਭ ਕੁੱਝ ਕਰਨਾ ਲੋਕਾਂ ਦੀ ਆਜ਼ਾਦੀ ਤੇ ਡਾਕਾ ਹੀ ਹੈ l ਇਹ ਗੱਲ ਵੱਖਰੀ ਹੈ ਕਿ ਸਾਰੇ ਲੋਕ ਇਨ੍ਹਾਂ ਪਬੰਦੀਆਂ ਨੂੰ ਬਰੀਕੀ ਨਾਲ ਸਮਝ ਨਾ ਸਕਣ l

ਦਿਨੋਂ ਦਿਨ ਲੋਕਾਂ ਦੀ ਹਾਲਤ ਪਤਲੀ (ਗਰੀਬੀ) ਹੋਈ ਜਾਂਦੀ ਹੈ l ਜਦੋਂ ਲੋਕ ਵੱਖ ਵੱਖ ਗਰੁੱਪਾਂ ਅਤੇ ਵੱਖ ਵੱਖ ਸੋਚਾਂ ਵਿੱਚ ਵੰਡੇ ਹੋਏ ਹੋਣ ਤਾਂ ਉਹ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਹੀ ਸੰਘਰਸ਼ ਕਰਦੇ ਹਨ l ਬਹੁਤਿਆਂ ਨੂੰ ਸਮਾਜ ਦਾ ਚੇਤਾ ਨਹੀਂ ਆਉਂਦਾ l

ਭਾਰਤ ਵਿੱਚੋਂ ਲੋਕ ਭੱਜ ਭੱਜ ਵਿਦੇਸ਼ ਜਾ ਰਹੇ ਹਨ l ਵਿਦੇਸ਼ ਜਾ ਕੇ ਵੀ ਉਨ੍ਹਾਂ ਨੂੰ ਉਹ ਕੁੱਝ ਨਹੀਂ ਮਿਲਦਾ ਜਿਸ ਦੀ ਉਹ ਆਸ ਕਰਕੇ ਉੱਥੇ ਗਏ ਹੁੰਦੇ ਹਨ l ਇਸ ਦੇ ਉਲਟ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਦੂਰ ਬੇਗ਼ਾਨੇ ਮੁਲਕ ਵਿੱਚ ਉਨ੍ਹਾਂ ਤੇ ਮਾਣਸਿਕ ਤਣਾਅ ਵਧਦਾ ਹੈ ਜਿਸ ਕਾਰਣ ਲੋਕਾਂ ਦੀ ਵੱਡੀ ਗਿਣਤੀ ਮਾਨਸਿਕ ਰੋਗੀ ਜਾਂ ਡਿਪ੍ਰੈਸ਼ਨ ਵਿੱਚ ਜਾ ਰਹੀ ਹੈ l

ਇਨ੍ਹਾਂ ਮਾਣਸਿਕ ਰੋਗਾਂ ਦਾ ਹੱਲ ਕਾਰਣ ਲੱਭ ਕੇ ਇਲਾਜ ਕਰਨ ਨਾਲ ਹੀ ਹੋ ਸਕਦਾ ਹੈ l ਦਵਾਈਆਂ ਨਾਲ ਤਾਂ ਸਿਰਫ ਟੈਂਪਰੇਰੀ (temporary) ਇਲਾਜ ਹੀ ਹੁੰਦਾ ਹੈ l ਇਸ ਤਰਾਂ ਦੇ ਕੇਸਾਂ ਵਿੱਚ ਕਾਰਣ ਕਈ ਵਾਰ ਦੂਜੇ ਦੇਸ਼ ਵਿੱਚ ਹੁੰਦੇ ਹਨ l ਉਨ੍ਹਾਂ ਕਾਰਨਾਂ ਨੂੰ ਦੂਰ ਕਰਨਾ ਵੀ ਔਖਾ ਹੁੰਦਾ ਹੈ ਕਿਉਂਕਿ ਉਸ ਵਿੱਚ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਦੇ ਆਪਣੇ ਕਾਇਦੇ ਕਨੂੰਨ ਹੁੰਦੇ ਹਨ l

ਆਮ ਲੋਕ ਇਨ੍ਹਾਂ ਸਰਕਾਰੀ ਕਾਇਦੇ ਕਨੂੰਨਾਂ ਵਿੱਚ ਪਿਸਦੇ ਹਨ l ਔਫਸ਼ੋਰ ਸਟੱਕ ਮਾਈਗਰੈਂਟਸ ਅਤੇ ਨਿਊਜ਼ੀਲੈਂਡ ਵਸਦੇ ਓਵਰਸਟੇ ਇਸ ਦੀ ਅਹਿਮ ਉਦਾਹਰਣ ਹਨ ਜਿਨਾਂ ਬਾਰੇ ਸਰਕਾਰ ਲੰਬੇ ਸਮੇਂ ਤੋਂ ਨਹੀਂ ਸੋਚ ਰਹੀ ਅਤੇ ਉਨ੍ਹਾਂ ਤੇ ਕਮਜ਼ੋਰ ਆਰਥਿਕਤਾ ਦੀ ਵਜ੍ਹਾ ਨਾਲ ਅਤੇ ਪਰਿਵਾਰਕ ਵਿਛੋੜੇ ਕਾਰਣ ਮਾਨਸਿਕ ਦਬਾਅ ਲਗਾਤਾਰ ਵਧ ਰਿਹਾ ਹੈ l

ਗੱਲ ਇਹ ਵੀ ਨਹੀਂ ਕਿ ਔਫਸ਼ੋਰ ਸਟੱਕ ਮਾਈਗਰੈਂਟਸ ਅਤੇ ਓਵਰਸਟੇ ਲੋਕਾਂ ਲਈ ਨਿਊਜ਼ੀਲੈਂਡ ਵਿੱਚ ਜੌਬਾਂ ਨਹੀਂ ਹਨ l ਹਰ ਖੇਤਰ ਵਿੱਚ ਕਾਮਿਆਂ ਦੀ ਲੋੜ ਹੈ ਬਲਕਿ ਬਹੁਤੇ ਬਿਜਨਸ ਕਾਮਿਆਂ ਦੀ ਘਾਟ ਕਾਰਣ ਬੰਦ ਹੋ ਰਹੇ ਹਨ ਪਰ ਫਿਰ ਵੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ l ਇਸ ਸਭ ਦੇ ਸਿੱਟੇ ਵਜੋਂ ਅਤੇ ਕੁੱਝ ਹੋਰ ਕਾਰਨਾਂ ਕਰਕੇ ਆਰਥਿਕ ਮੰਦੀ ਨੇ ਮੁਲਕ ਵਿੱਚ ਪੈਰ ਪਸਾਰ ਲਏ ਹਨ l

ਮਹਿੰਗਾਈ ਕਾਰਣ ਜਿੱਥੇ ਸਾਰੀ ਦੁਨੀਆਂ ਵਿੱਚ ਲੋਕਾਂ ਲਈ ਖਾਣ ਪੀਣ ਦਾ ਸਮਾਨ ਖਰੀਦਣਾ ਔਖਾ ਹੋ ਗਿਆ ਹੈ ਉਥੇ ਨਿਊਜ਼ੀਲੈਂਡ ਵਿੱਚ ਵਸਦੇ ਲੋਕ ਵੀ ਖਾਣ ਪੀਣ ਦੀਆਂ ਚੀਜ਼ਾਂ ਲੋੜ ਅਨੁਸਾਰ ਨਹੀਂ ਖਰੀਦ ਪਾ ਰਹੇ l

ਜਦੋਂ ਲੋਕ ਖਾਣ ਪੀਣ ਦੀਆਂ ਚੀਜ਼ਾਂ ਨਾ ਖਰੀਦ ਸਕਣ ਤਾਂ ਚੋਰੀ, ਲੁੱਟ ਖੋਹ ਅਤੇ ਰੈਮ ਰੇਡਾਂ ਵਧਦੀਆਂ ਹਨ ਜਿਨਾਂ ਦੀ ਇਸ ਵਕਤ ਨਿਊਜ਼ੀਲੈਂਡ ਵਿੱਚ ਭਰਮਾਰ ਹੈ l

ਇਸ ਮਹੀਨੇ ਤੋਂ ਨਿਊਜ਼ੀਲੈਂਡ ਸਰਕਾਰ ਨੇ ਕੌਸਟ ਆਫ ਲਿਵਿੰਗ (Cost of Living) ਵਧਣ ਕਾਰਣ $116 ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 3 ਮਹੀਨੇ ਤੱਕ ਦੇਣਾ ਸ਼ੁਰੂ ਕੀਤਾ ਹੈ l ਇਹ ਉਨ੍ਹਾਂ ਵਿਅਕਤੀਆਂ ਨੂੰ ਮਿਲਣੇ ਹਨ ਜਿਨਾਂ ਦੀ ਸਲਾਨਾ ਆਮਦਨ $70,000 ਤੋਂ ਘੱਟ ਹੈ l ਇਸ ਨੂੰ ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਾਂਗ ਇਥੇ ਆਟਾ ਦਾਲ ਸਕੀਮ ਸ਼ੁਰੂ ਹੋ ਗਈ ਹੈ l ਜਦੋਂ ਇਸ ਤਰਾਂ ਦੀਆਂ ਸਕੀਮਾਂ ਸ਼ੁਰੂ ਹੋ ਜਾਣ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ l

ਇਸ ਤੋਂ ਪਹਿਲਾਂ ਲੋਕਾਂ ਨੂੰ ਸਰਕਾਰ ਨੇ ਕਰੋਨਾ ਲੌਕਡੌਨ ਵੇਲੇ ਵੀ ਘਰ ਬੈਠਿਆਂ ਨੂੰ ਕੁੱਝ ਡਾਲਰ ਦਿੱਤੇ ਸਨ ਅਤੇ ਲੋਕਾਂ ਨੇ ਸਰਕਾਰ ਦੀ ਬਹੁਤ ਬੱਲੇ ਬੱਲੇ ਕੀਤੀ ਸੀ l ਉਸ ਵੇਲੇ ਬਹੁਤੇ ਲੋਕ ਇਹ ਨਹੀਂ ਜਾਣਦੇ ਸਨ ਕਿ ਮੁਲਕ ਦਾ ਚੁੱਕਿਆ ਹੋਇਆ ਕਰਜ਼ਾ ਵੀ ਸਾਨੂੰ ਜਾਂ ਸਾਡੀ ਅਗਲੀ ਪੀੜ੍ਹੀ ਨੂੰ ਹੀ ਲਾਹੁਣਾ ਪੈਣਾ ਹੈ l

ਅੱਜ ਜਦੋਂ ਮਹਿੰਗਾਈ ਸਿਖਰ ਤੇ ਹੈ ਤਾਂ ਹਰ ਇੱਕ ਦਾ ਦੁੱਖ ਸਾਫ ਦਿਖਾਈ ਦਿੰਦਾ ਹੈ l ਘਰਾਂ ਦੀਆਂ ਕੀਮਤਾਂ, ਘਰਾਂ ਦੇ ਕਿਰਾਏ, ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਅਤੇ ਬੈਂਕਾਂ ਦੇ ਵਧੇ ਹੋਏ ਵਿਆਜ਼ ਵੀ ਇਸ ਮਹਿੰਗਾਈ ਵਿੱਚ ਸ਼ਾਮਲ ਹਨ l

ਨਿਊਜ਼ੀਲੈਂਡ ਵਿੱਚ ਪੈਦਾ ਹੋਏ ਲੋਕਾਂ ਨੂੰ ਕੀਵੀ ਕਹਿੰਦੇ ਹਨ l ਹਲਾਤ ਇਹ ਹਨ ਕਿ ਅੱਜ ਸਵੇਰ ਦੀਆਂ ਖਬਰਾਂ ਮੁਤਾਬਕ ਹਰ 6 ਕੀਵੀਆਂ ਵਿੱਚੋਂ 1 ਕੀਵੀ ਹੋਮਲੇਸ/ਬੇਘਰ (homeless) ਹੋਣ ਦਾ ਸ਼ਿਕਾਰ ਹੈ ਜੋ ਕਿ ਹਰ ਇੱਕ ਵਾਸਤੇ ਫਿਕਰ ਖੜ੍ਹਾ ਕਰਦਾ ਹੈ l

ਜਿਹੜੇ ਲੋਕਾਂ ਨੂੰ ਘਰ ਨਹੀਂ ਮਿਲ ਰਹੇ ਉਹ ਕਾਰਾਂ ਵਿੱਚ ਸੌਂ ਰਹੇ ਹਨ ਅਤੇ ਕਈ ਤੰਬੂਆਂ ਵਿੱਚ ਰਹਿਣ ਲਈ ਮਜ਼ਬੂਰ ਹਨ (ਰਿੱਫਰੈਂਸ ਵਾਸਤੇ ਨਿਊਜ਼ੀਲੈਂਡ ਵਿੱਚ ਅੱਜ ਸਵੇਰੇ ਚੈਨਲ ਇੱਕ ਦੀਆਂ ਖਬਰਾਂ ਸੁਣ ਸਕਦੇ ਹੋ) l

ਹੁਣ ਦੇਖਣਾ ਹੈ ਕਿ ਆਟਾ ਦਾਲ ਸਕੀਮ ਦੇ ਪੈਸੇ ਲੈ ਕੇ ਲੋਕ ਕਿੰਨੀ ਕੁ ਸਰਕਾਰ ਦੀ ਬੱਲੇ ਬੱਲੇ ਕਰਦੇ ਹਨ ਅਤੇ ਅਗਲੇ ਸਾਲ ਹੋਣ ਵਾਲੀਆਂ ਵੋਟਾਂ ਤੇ ਇਸ ਦਾ ਕੀ ਅਸਰ ਪੈਂਦਾ ਹੈ?

ਇਥੇ ਇਹ ਵਰਨਣਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਪਿਛਲੇ ਪੰਜ ਸਾਲ ਤੋਂ ਲੇਬਰ ਸਰਕਾਰ ਦਾ ਰਾਜ ਹੈ ਅਤੇ ਅਗਲੇ ਸਾਲ ਫਿਰ ਵੋਟਾਂ ਪੈਣੀਆਂ ਹਨ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *