2 0
Read Time:2 Minute, 41 Second
  • ਪਿੰਡ ਤੇ ਪਰਦੇਸ *
    -ਨਿਊਜ਼ੀਲੈਂਡ ਵਿੱਚ ਅੱਖੀਂ ਦੇਖੀ ਹਕੀਕਤ

ਖੁਰਦਪੁਰ ਛੱਡਿਆ ਸੀ ਮਜ਼ਬੂਰੀ ਨਾਲ,
ਵਿਦੇਸ਼ਾਂ ਵਿੱਚ ਛਾਲੇ ਪੈ ਗਏ ਮਜ਼ਦੂਰੀ ਨਾਲ l

ਮੁਲਕ ਆਪਣੇ ਕੰਮ ਬਥੇਰਾ ਭਾਵੇਂ ਕੀਤਾ,
ਵਾਹ ਪੈ ਗਿਆ ਦੇਸ਼ ਬੇਗ਼ਾਨੇ ਗ਼ੈਰਾਂ ਨਾਲ l

ਯਾਰ ਲੰਗੋਟੀਏ ਰਹਿ ਗਏ ਕਈ ਪਿੱਛੇ,
ਨਾਲ ਜੋ ਆਏ ਭਰ ਗਏ ਮਗਰੂਰੀ ਨਾਲ l

ਮਾਂ, ਪਿਓ, ਭਰਾ ਜੋ ਛੱਡ ਆਇਆ ਪਿੱਛੇ,
ਤੁਰ ਗਏ ਉਡੀਕਦੇ, ਕਰਦੇ ਰਹੇ ਪੁੱਤ ਦੀ ਭਾਲ l

ਆਖੇ ਕੋਈ ਇਥੇ ਮੈਂ ਮੁੰਡਾ ਲੰਬੜਾਂ ਦਾ,
ਜੋੜਦੇ ਫਿਰਦੇ ਰਿਸ਼ਤੇ ਕਈ ਸਰਪੰਚੀ ਨਾਲ l

ਵੱਡੇ ਵੱਡੇ ਪਿੰਡਾਂ ਦੇ ਜਿੰਮੀਂਦਾਰ ਜੋ ਆਏ,
ਫਸਾਉਂਦੇ ਸਿਰ ਕੀਵੀ ਦੀਆਂ ਟਾਹਣੀਆਂ ਨਾਲ l

ਮਾਸਟਰ, ਡਾਕਟਰ ਤੇ ਇੰਜੀਨੀਅਰ ਆਏ,
ਚੁੱਕੀ ਫਿਰਦੇ ਭਾਰ ਡਿਗਰੀਆਂ ਦੇ ਨਾਲ l

ਗਧਾ ਤੇ ਘੋੜਾ ਹੈ ਇਥੇ ਇੱਕ ਬਰਾਬਰ,
ਪੜ੍ਹੇ ਤੇ ਅਨਪੜ੍ਹ ਭਰਦੇ ਬਿਨ ਕੀਵੀ ਦੇ ਨਾਲ l

ਦਿਨ’ਚ ਰੇਨ ਕੋਟ ਕਈ ਵਾਰੀ ਪਾਉਂਦੇ ਲਾਹੁੰਦੇ,
ਥਕਾਵਟਾਂ ਲਾਹੁੰਦੇ ਦੋ ਦੋ ਪੈਨਾਡੋਲਾਂ ਨਾਲ l

ਪੰਜਾਬ ਵਿੱਚ ਪੈਂਟਾਂ ਕਮੀਜ਼ਾਂ ਇਹ ਪਾਉਂਦੇ,
ਲਗਾਉਂਦੇ ਸਨ ਹਰ ਵੇਲੇ ਟਾਈਆਂ ਨਾਲ l

ਕਟਰ, ਆਰੀ, ਗਮਬੂਟ ਬਣੇ ਗਹਿਣੇ ਹੁਣ,
ਗਰਮ ਜੁਰਾਬਾਂ ਹਰ ਪਾਸੇ ਜਾਂਦੀਆਂ ਨਾਲ l

ਸਾਰਾ ਦਿਨ ਗੋਰਿਆਂ ਦੀ ਗੁਲਾਮੀ ਕਰਦੇ,
ਪਿੰਡ ਧੱਕਾ ਕਰਦੇ ਸੀ ਜਿਹੜੇ ਮਜ਼ਬੂਰਾਂ ਨਾਲ l

ਕੁੱਝ ਟੈਕਸੀਆਂ ਚਲਾਉਂਦੇ ਜਾਂ ਊਬਰਾਂ ਪਾਉਂਦੇ,
ਕਰਦੇ ਰਹਿਣ ਹਰ ਵੇਲੇ ਸਵਾਰੀ ਦੀ ਭਾਲ l

ਬੱਸਾਂ, ਟਰੱਕਾਂ ਦੇ ਕੁੱਝ ਡਰਾਈਵਰ ਬਣ ਗਏ,
ਵਧਾਉੰਦੇ ਭਾਰ ਆਪਣਾ ਚੜ੍ਹਦੇ ਸਾਲੋ ਸਾਲ l

ਘਰਾਂ ਦੇ ਕਿਰਾਏ ਤੇ ਕਦੇ ਕਿਸ਼ਤਾਂ ਵਧੀਆਂ,
ਟੈਨਸ਼ਨ ਲਾਹੁਣ ਫਿਰ ਮਾੜੀ ਦਾਰੂ ਨਾਲ l

ਡੇਅਰੀਆਂ, ਠੇਕਿਆਂ ਦੇ ਜੋ ਮਾਲਕ ਬਣ ਗਏ,
ਸੌਰੀ, ਪਲੀਜ਼, ਥੈਂਕ ਯੂ ਕਰਦੇ ਗਾਹਕਾਂ ਨਾਲ l

ਇੱਕ ਡਾਲਰ ਦੇ ਪੰਜਾਹ ਰੁਪਈਏ ਬਣਦੇ ਭਾਵੇਂ,
ਖੂਹ ਦੀ ਮਿੱਟੀ ਪਰ ਲਗਦੀ ਖੂਹ ਦੇ ਨਾਲ l

ਫੋਟੋਆਂ ਪਾ ਕੇ ਕਦੇ ਮਹਿੰਗੀ ਕਾਰ ਘੁਮਾ ਕੇ,
ਐਵੇਂ ਦਗਾ ਕਮਾਵੇਂ ਪਿੱਛੇ ਬਚੇ ਪੇਂਡੂਆਂ ਨਾਲ l

ਹੁਣ ਤਾਂ ਫਸ ਗਿਆ ਏਂ ਤੂੰ ਵਾਂਗ ਮੱਛੀ ਦੇ,
ਗੋਰਿਆਂ ਸੁੱਟਿਆ ਸੀ ਬਣਾ ਜੋ ਮੱਕੜੀ ਜਾਲ l

ਚੰਗੀ ਚਾਹੁੰਨਾ ਤਾਂ ਅਵਤਾਰ ਵਾਪਸ ਮੁੜ ਜਾ,
ਭਲਾ ਕਮਾਉਣਾ ਜੇ ਆਉਂਦੀਆਂ ਨਸਲਾਂ ਨਾਲ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *