1 0
Read Time:8 Minute, 37 Second

ਏਥੇ ਪਿੰਡਾਂ ਤੇ ਹਿੰਡਾਂ ਦੀ ਹੱਦ ਖ਼ਤਮ ਹੁੰਦੀ ਸੀ ਤੇ ਸ਼ਹਿਰਾਂ ਤੇ ਗ਼ੈਰਾਂ ਦੀ ਸ਼ੁਰੂ । ਵੱਡੇ ਦਰਸ਼ਨੀ ਗੇਟ ਤੋਂ ਉੱਤੋਂ ਗੋਲ ਜੇ ਕਰ ਕੇ ਬੋਦੀ ਤਿੱਖੀ ਕਰਤੀ ਸੀ ਤੇ ਇਸਦੇ ਥੱਲ੍ਹੇ ਲਿਖਿਆ “ਸ਼ਹਿਰ ਵਿੱਚ ਆਪ ਜੀ ਦਾ ਸੁਆਗਤ ਹੈ’ ਵਾਲੀਆਂ ਲੈਣਾਂ ਦਾ ਰੰਗ ਫਿੱਕਾ ਪੈ ਕੇ ਕੱਲਾ ” ਆ ਜੀ ਦਾ ਗਤ ਹੈ” ਹੀ ਪੜ੍ਹਨਯੋਗ ਸੀ । ਉਸ ਤੇ ਵੀ ਧੂੜ ਪੈਂਦੀ – ਪੂੰਦੀ ਰਹਿੰਦੀ ਸੀ ਤੇ ਕਦੀ – ਕਦੀ ਉਹ ਵੀ ਨਾ ਪੜ੍ਹਨ ਵਿੱਚ ਆਉਂਦਾ । ਕਿਸੇ ਰਟੈਰ ਫੌਜੀ ਦੀਆਂ ਲੱਤਾਂ ਵਾਂਗੂੰ ਅਹਿੱਲ ‘ਸਾਵਧਾਨ’ ਹੋਈਆਂ ਗੇਟ ਦੀਆਂ ਬੁਰਜੀਆਂ ਦਾ ਰੰਗ ਕਿਸਾਨਾਂ ਦੀਆਂ ਸ਼ਹਿਰ ਮੰਡੀ ਆਉਂਦੀਆਂ ਟਰਾਲੀਆਂ ਦੀਆਂ ਸੈਡਾਂ ਲੱਗ – ਲੁੱਗ ਕੇ ਅੰਦਰਵਾਰੋਂ ਉੱਡਿਆ ਪਿਆ ਸੀ ।

ਸੱਜੇ ਬੰਨੇ ਲਾਲੇ ਦਾ ਕਰਿਆਨਾ ਸਟੋਰ ,ਜਿਸ ਦੀ ਇੱਕ ਨੁੱਕਰ ਤੇ ਲੱਗੇ ਹਲਕੇ ਭੂਰੇ ਰੰਗ ਦੇ ਗੱਲੇ ਉੱਤੇ ਭਗਵਾਨ ਸ੍ਰੀ ਹਨੂਮਾਨ ਜੀ ਦੀ ਨਿੱਕੀ ਮੂਰਤੀ ਲੱਗੀ ਹੋਈ ਸੀ ਤੇ ਖੱਬੇ ਪਾਸੇ ਲੱਗਾ ਵੱਡਾ ਸਾਰਾ ਧੂਫ ਸੜ੍ਹਕ ਤੱਕ ਮਹਿਕਾਂ ਛੱਡਦਾ ਸੀ । ਗੱਲੇ ਦੇ ਸਾਹਮਣੇ ਵਾਲੇ ਪਾਸੇ ਲਾਲ ਨਹੁੰ ਪਾਲਸ਼ ਨਾਲ ਲਿਖੇ ‘ਸ਼ੁੱਭ – ਲਾਭ’ ਦਾ ਮੁੜੰਗਾ ਹੁਣ ਰੰਗ ਜਿਆ ਛੱਡਣ ਲੱਗ ਪਿਆ ਸੀ । ਉਹ ਕਹਿਣ ਨੂੰ ਲਾਲਾ ਜ਼ਰੂਰ ਸੀ ਪਰ ਸਿਰੇ ਦਾ ਅੜਬ ਤੇ ਆਪਣੇ ਸਰਦਾਰ ਭਰਾਵਾਂ ਦਾ ਪੱਕਾ ਆੜੀ ਸੀ ।
ਖੱਬੇ ਪਾਸੇ ਪਨੇਸਰਾਂ ਦਾ ਆਰਾ ਸੀ । ਜਿੱਥੇ ਦਿਨ – ਰਾਤ ਚਲਦੀਆਂ ਮਸ਼ੀਨਾਂ ਦੇ ਬੂਰੇ ਦੇ ਛੱਲੇ ਬਣ – ਬੁਣ ਕੇ ਹਵਾ ਵਿੱਚ ਉੱਡਦੇ ਰਹਿੰਦੇ । ਵੜਦਿਆਂ ਸਾਰ ਹੀ ਭਗਵਾਨ ਵਿਸ਼ਕਰਮਾ ਦੇ ਵੱਡੀ ਸਾਰੀ ਫੋਟੋ ਕਾਊਂਟਰ ਦੇ ਪਿੱਛੇ ਲੱਗੀ ਦਿਸਦੀ ਸੀ ਤੇ ਕਾਊਂਟਰ ਦੇ ਉੱਤੇ ਬੈਠਾ ਖੁੱਲ੍ਹੇ ਦਾੜ੍ਹੇ ਵਾਲੇ ਸਰਦਾਰ ‘ਦਿਲ ਆਪਣਾ ਪੰਜਾਬੀ’ ਫਿਲਮ ਵਾਲੇ ਦਾਰੇ ਦਾ ਭੁਲੇਖਾ ਪਾਉਂਦਾ ਸੀ ।

ਜ਼ਮੀਨਾਂ ਦੇ ਭਾਅ ਵਧੇ । ਸ਼ਹਿਰ ਪਿੰਡ ਖਾਣ ਲੱਗੇ । ਕਲੋਨੀਆਂ ਦਾ ਜਾਲ ਵਿਛਿਆ । ਮਾਰ ਕਿਤੇ ਹਾਈਵੇ , ਪਾਰਕਾਂ ਖਣੀ ਅੰਗਰੇਜ਼ੀ ‘ਚ ਜੀਹਨੂੰ ‘ਇਨਫਰਾਸਟਰਕਚਰ’ ਕਹਿੰਦੇ ਸੀ ਕਿਸੇ ਦੈਂਤ ਵਾਂਗੂੰ ਧੌਣ ਸਿੱਧੀ ਕਰਨ ਲੱਗਾ ।
ਲਾਲਾ ਤੇ ਸਰਦਾਰ ਵਰ੍ਹਿਆਂ ਤੋਂ ਏਥੇ ਸੀ । ਉਹਨਾਂ ਨੇ ਜਨਮ ਸਮੇਂ ਤੋਂ ਦੋਹਾਂ ਦੁਕਾਨਾਂ ਦੇ ਗੱਲੇ ਹੀ ਵੇਖੇ ਸੀ । ਉਹਨਾਂ ਦੇ ਦਾਦਿਆਂ – ਬਾਬਿਆਂ ਨੇ ਵੀ ਇਹੋ ਈ ਕੰਮ ਕੀਤਾ ਸੀ ਤੇ ਉਹਨਾਂ ਦੇ ਹਿੱਸੇ ਵੀ ਇਹੋ ਆਇਆ । ਇੱਕ ਚਿੱਟੇ ਰੰਗ ਦੀ ਵੈਨ ‘ਚੋਂ ਦੋ ਬਾਬੂ ਉੱਤਰੇ , ਸਰਦਾਰ ਤੇ ਲਾਲੇ ਨੂੰ ਸੈਨਤ ਨਾਲ ਬੁਲਾਇਆ ਤੇ ਦੋਹਾਂ ਦੇ ਹੱਥਾਂ ‘ਚ ਤਿੰਨ ਸ਼ੇਰਾਂ ਦੀ ਸਰਕਾਰੀ ਮੋਹਰ ਲੱਗਾ ਕੋਈ ਕਾਗਜ਼ ਫੜਾ ਕੇ ਵੈਨ ਸ਼ਹਿਰ ਵਲ ਨੂੰ ਚਲੀ ਗਈ ।

ਦੁਪਹਿਰ ਵੜੀ ਤਿੱਖੀ ਸੀ ।ਮੱਧ – ਸਤੰਬਰ ਮਹੀਨਾ ਹੋਣ ਕਰਕੇ ਅਜੇ ਬਾਹਰ ਗਰਮੀ ਸੀ ਪਰ ਫੇਰ ਵੀ ਲਾਲਾ ਤੇ ਸਰਦਾਰ ਆਰੇ ਦੇ ਸਾਹਮਣੇ ਕੁਰਸੀਆਂ ਡਾਹ ਕੇ ਬੈਠੇ ਡੂੰਘੀ – ਚਿੰਤਾ ਜ਼ਾਹਿਰ ਕਰ ਰਹੇ ਸਨ । ਆਰਾ ਤੇ ਦੁਕਾਨ ਦੋਵੇਂ ਸਰਕਾਰ ਦੇ ‘ਅਰਬਨ ਸਿਟੀ’ ਪਲੈਨ ‘ਚ ਆਗੇ ਸੀ । ਕਹਿੰਦੇ ਸੀ ਏਥੋਂ ਬਾਈਪਾਸ ਕੱਢਣਾ ਜਿਹੜਾ ਸ਼ਹਿਰ ਦੇ ਬਾਹਰੋ – ਬਾਹਰ ਜਾ ਕੇ ਕਿਸੇ ਵੱਡੇ ਸ਼ਹਿਰ ਅੱਗੇ ਆਪਣੀ ਹੋਂਦ ਸਮਰਪਿਤ ਕਰ ਦਿਆ ਕਰੂ । ਉਹਨਾਂ ਨੂੰ ਮੁਆਵਾਜ਼ਾ ਤਾਂ ਮਿਲਣਾ ਸੀ ਪਰ ਦੁਕਾਨਾਂ ਦਾ , ਮੋਹ ਦਾ ਨਹੀਂ । ਉਹ ਇੱਕੋ ਪਿੰਡ ਦੇ ਸਨ ਆਪਣੀਆਂ ਦੁਕਾਨਾਂ ਨਾਲ ਉਹਨਾਂ ਨੂੰ ਮੋਹ ਸੀ । ਦੁਕਾਨਾਂ ਦੇ ਪਿੱਛੇ ਈ ਉਹਨਾਂ ਦੇ ਆਪਣੇ – ਆਪਣੇ ਘਰ ਸੀ ।

ਸੂਰਜ ਦੀ ਟਿੱਕੀ ਜਦੋਂ ਮੱਧਮ ਜਿਹੀ ਹੋ ਕੇ ਅਸਮਾਨ ਵਿੱਚ ਜਦੋਂ ਘੁੱਲ ਗਈ ਤਾਂ ਉਹ ਦੋਵੇਂ ਪਿੰਡ ਗਏ । ਮੋਹਤਬਾਰਾਂ ਨੂੰ ‘ਕੱਠਿਆਂ ਕੀਤਾ । ਵਿੱਚ ਕੁਝ ਨਵੀਂ ਉਮਰ ਦੇ ਜਵਾਨ ਵੀ ਸੀ ਜੀਹਨਾਂ ਦੀ ਸਲਾਹ ਸੀ ਕਿ ਪੈਸੇ ਲੈ ਲਏ ਜਾਣ ਪਰ ਜੀਹਨਾਂ ਪੱਕੜਾਂ ਦੇ ਹੱਥਾਂ ਤੇ ਟਰੈਕਟਰਾਂ ਦੇ ਸਟੇਰਿੰਗ ਦੇ ਕਵਰ ਦੀਆਂ ਲੀਕਾਂ ਛਪ ਗਈਆਂ ਸਨ ਉਹਨਾਂ ਦਾ ਆਖਣਾ ਸੀ ਕਿ ‘ਮਿੱਟੀ ਮਾਂ ਹੁੰਦੀ ਆ , ਮਾਂਵਾਂ ਦੇ ਸੌਦੇ ਨਹੀਂ ਹੁੰਦੇ , ਇਹਨਾਂ ਨੈੱਟ ਵਾਲੇ ਜਵਾਕਾਂ ਨੂੰ ਕੀ ਪਤਾ , ਆਹ ਮਿੱਟੀ ਪਿੱਛੇ ਈ ਪੂਰੀ ਦਿੱਲੀ ਦੇ ਸਾਹ ਰੋਕ ਰੱਖੇ ਸੀ ਪਿਛਲੇ ਸਾਲ ਈ , ਕੁਝ ਸਿੱਖਿਆ ਕਰੋ ਸੰਘਰਸ਼ਾਂ ਤੋਂ , ਕੋਈ ਨੀ ਤੁਸੀਂ ਚੱਲੋ , ਸਵੇਰੇ ਮਿਲਦੇ ਆਂ’ ।

ਸਰਦਾਰ ਤੇ ਲਾਲਾ ਵਾਪਿਸ ਆ ਗਏ । ‘ਪਿੰਡ’ ਕੀ ਹੁੰਦਾ ਉਹਨਾਂ ਨੂੰ ਅੱਜ ਸਮਝ ਆਇਆ ਸੀ । ਪਿੰਡ ਦੀ ਸੱਥ ‘ਚ ਬਹਿ ਕੇ ਪਾਏ ਗਏ ਮਤੇ ਜਦੋਂ ਨਾਲ – ਨਾਲ ਮੁੱਛਾਂ ਨੂੰ ਵੱਟ ਵੀ ਚੜ੍ਹਦੇ ਆ , ਉਹ ਕੀ ਹੁੰਦੇ ਉਹਨਾਂ ਨੂੰ ਅੱਜ ਸਮਝ ਆਇਆ ਸੀ ।
ਦਿਨ ਚੜ੍ਹਿਆ ਤਾਂ ਚਿੱਟੀ ਫਾਰਚੂਨਰ ਜੀਹਦੇ ਮੱਥੇ ਤੇ ‘ਅੜੇ ਸੋ ਝੜੇ’ ਲਿਖਿਆ ਸੀ , ਦਿੱਲੀ ਸ਼ਹਿਰ ਦੇ ਮਿਊਂਸੀਪਲ ਦਫ਼ਤਰ ‘ਚ ਕਿਸੇ ਅੱਥਰੇ ਝੋਟੇ ਵਾਂਗੂੰ ਵੜੀ ਸੀ । ਜਦੋਂ ਕੁੜਤੇ – ਚਾਦਰੇ ਤੇ ਮੱਥੇ ਤੇ ਲੱਗੇ ਲੰਮੇ ਤਿਲਕਾਂ ਆਲੇ ਪੰਡਿਤ ਤੇ ਸਰਦਾਰ ਅੰਦਰ ਵੜੇ ਤਾਂ ਬਾਬੂਆਂ ਦੇ ਪੈੱਨਾਂ ਨੇ ਸਿਆਹੀ ਛੱਡ ਦਿੱਤੀ ਸੀ ਤੇ ਵਕੀਲਾਂ ਦੀਆਂ ਟਾਈਆਂ ਨੇ ਕੱਸ ।

ਨਿਮਰਤਾ ਸਹਿਤ ਬੇਨਤੀ ਹੋਈ । ਬਾਬੂਆਂ ਨੇ ਵੀ ਧਿਆਨ ਨਾਲ ਸਾਰੀ ਗੱਲ ਸੁਣੀ ਤੇ ਕਿਸੇ ਵੱਡ ਸਾਬ੍ਹ ਦੇ ਦਫ਼ਤਰ ਵੱਲ ਇਸ਼ਾਰਾ ਕੀਤਾ । ਸਿਗਰਟ ਦੇ ਧੂੰਏ ਵਿੱਚੋਂ ਵੇਖਦਿਆਂ ਸਾਬ੍ਹ ਨੇ ਫੈਲ ਤੇ ਵੱਡਾ ਸਾਰਾ ਕਾਂਟਾ ਮਾਰ ਕੇ ਲਾਲੇ ਦੇ ਪੈਰ ਵਿੱਚ ਵਗਾਹ ਮਾਰੀ , ਜਿਹੜੀ ਸਰਦਾਰ ਦੀ ਪੱਗ ਨਾਲ ਖਹਿ ਕੇ ਡਿੱਗੀ ਸੀ ਤੇ ਉਹਦਾ ਉਤਲਾ ਲੜ ਵੀ ਢਿੱਲਾ ਹੋ ਗਿਆ ਸੀ । ਸ਼ਹਿਰ ਬਿਗਾਨਾ ਸੀ , ਸਾਰੇ ਭਰੇ – ਭੀਤੇ ਦਫ਼ਤਰ ‘ਚੋਂ ਨਿਕਲਣ ਹੀ ਲੱਗੇ ਸੀ ਕਿ ਸਾਬ੍ਹ ਨੇ ਦੂਜੀ ਸਿਗਰਟ ਮੂੰਹ ‘ਚ ਪਾ ਕੇ ਬਾਲਣ ਲੱਗਿਆਂ ਕਿਹਾ “ਪਤਾ ਨਹੀਂ ਕਹਾਂ ਸੇ ਆ ਜਾਤੇ ਹੈਂ ਯੇ ਪੇਂਡੂ ਲੋਗ” । ।

ਗੱਲ ਉਹਨਾਂ ਦੇ ਆਰ – ਪਾਰ ਹੋ ਗਈ । ਇੱਕ ਜਵਾਨ ਦਾ ਡੱਬ ‘ਚ ਟੰਗੇ ਜੰਤਰ ਨੂੰ ਹੱਥ ਵੀ ਪਿਆ ਪਰ ਕਿਸੇ ਸਿਆਣੇ ਨੇ ਅੱਖ ਨਾਲ ਘੂਰਿਆ ਤੇ ਕਿਹਾ ‘ਏਥੇ ਨਹੀਂ’ । ਵਾਪਿਸ ਪਿੰਡ ਆ ਗਏ । ਘੁੱਪ – ਹਨੇਰਾ ਸੀ । ਅੱਜ ਆਰਾ ਵੀ ਬੰਦ ਰਿਹਾ ਸੀ ਤੇ ਕਰਿਆਨੇ ਦੀ ਵੱਡ – ਆਕਾਰੀ ਦੁਕਾਨ ਵੀ । ਲਾਲਾ ਤੇ ਸਰਦਾਰ ਚਿੰਤਾ ਵਿੱਚ ਡੁੱਬੇ ਆਪੋ – ਆਪਣੇ ਬਿਸਤਰੇ ‘ਚ ਪਏ ਸੀ ਕਿ ਨੀਲੀਆਂ ਤੇ ਲਾਲ – ਲੈਟਾਂ ਨੇ ਉਹਨਾਂ ਦੇ ਘਰ ਤੇ ਦੁਕਾਨਾਂ ਜਗਮਗ ਕਰਨ ਲਾ ਦਿੱਤੀਆਂ ਸਨ । ਏਨੀ ਫੋਰਸ ਉਹਨਾਂ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰ ਵੇਖੀ ਸੀ । ਕਿਸੇ ਉੱਚ – ਅਧਿਕਾਰੀ ਦਾ ਹੁਕਮ ਹੋਇਆ ਕਿ ਦੋਵੇਂ ਪਰਿਵਾਰ ਬਾਹਰ ਆਉਣ । ਅਜੇ ਆਉਣ – ਆਉਣ ਹੀ ਕਰਦੇ ਸੀ ਕਿ ਪੰਜਾਂ – ਸੱਤਾਂ ਮਿੰਟਾਂ ‘ਚ ਹੀ ਸਾਰੀ ਸੜਕ ਟਰੈਕਟਰਾਂ ਨਾਲ ਭਰ ਗਈ । ਫੋਰਡਾਂ ਦੇ ਫੁੰਕਾਰੇ ਦੱਸਦੇ ਸੀ ਕਿ ਪਿੰਡ ਵਾਲੇ ਆਗੇ ਸੀ ।

ਪੁਲਸ ਬਿਨ ਹਥਿਆਰ ਬਸ ਡਾਂਗਾਂ ਨਾਲ ਆਈ ਸੀ ਪਰ ਏਧਰੋਂ ਬੰਦੇ – ਖਾਣੀਆਂ ਮੋਢਿਆਂ ਉੱਤੋਂ ਦੀ ਸਿਰ ਕੱਢਦੀਆਂ ਸੀ । ਦੋਵੇਂ ਧਿਰਾਂ ਇੱਕ – ਦੂਜੇ ਦੇ ਸਾਹਮਣੇ ਖਲ੍ਹੋ ਗਈਆਂ । ਲਾਲੇ ਨੇ ਹੌਂਸਲਾ ਕਰਕੇ ਉੱਚ – ਅਧਿਕਾਰੀ ਦੇ ਹੱਥੋਂ ਉੱਚੀ ‘ਵਾਜ ਸੁਣਾਉਣ ਵਾਲਾ ਸਪੀਕਰ ਜਿਆ ਫੜ ਲਿਆ ਤੇ ਸਰਦਾਰ ਨੇ ਸੜ੍ਹਕ ਦੇ ਕੰਢਿਉਂ ਮਿੱਟੀ ਦਾ ਇੱਕ ਬੁੱਕ ਭਰ ਕੇ ਉਸੇ ਅਧਿਕਾਰੀ ਦੇ ਮੂੰਹ ਅੱਗੇ ਕਰਕੇ ਕਿਹਾ “ਅਫਸਰਾ ਸਾਡੇ ਪਿੰਡ ਆਲਿਆਂ ਦੇ ਹੁੰਦਿਆਂ , ਜੇ ਆਹ ਐਨੀ ਕੁ ਤੇ ਵੀ ਕਬਜ਼ਾ ਕਰ ਲਵੇਂ ਨਾ ਤਾਂ ਸਹੁੰ ਰੱਬ ਦੀ ਆਰਾ ਫੂਕ ਦਊਂ” ।

ਕੀਹਨੇ ਕਰਨਾ ਸੀ ਤੇ ਕੀਹਦੀਆਂ ਗੱਲਾਂ । ਅਫ਼ਸਰ ਨੇ ਨੀਂਵੀਂ ਪਾ ਲਈ । ਫੋਰਸ ਉਹਨੀਂ ਪੈਰੀਂ ਵਾਪਿਸ ਮੁੜਨ ਲੱਗੀ ।ਉਸੇ ਜਵਾਨ ਨੇ ਜਿਹੜਾ ਸ਼ਹਿਰ ਤੱਤਾ ਸੀ , ਬੱਤੀ ਬੋਰ ਰੱਬ ਵੱਲ ਨੂੰ ਸਿੱਧਾ ਕੀਤਾ ਤੇ ਉਸੇ ਬਜ਼ੁਰਗ ਨੇ ਉੱਚੀ ਦੇਣੀ ਕਿਹਾ ” ਹਾਂ………..ਏਥੇ……”

ਪੈਂਡਾ ਤੇ ਵਿਚਾਲੇ ਬਸ ਦਸ ਕੁ ਕਰਮਾਂ ਦਾ ਹੀ ਸੀ ।
ਅੱਜ ਜਿਹੜੇ ਵੱਡੇ ਸਾਬ੍ਹ ਨੇ ਇਹਨਾਂ ਨੂੰ ਸ਼ਹਿਰ ਬੇਇੱਜ਼ਤ ਕੀਤਾ ਸੀ । ਉਹਨੂੰ ਦੂਰ ਖਲ੍ਹੋਤੇ ਨੂੰ ਸੁਣਦੇ ਹੁਣ ਪਿੰਡ ਵਾਲਿਆਂ ਦੇ ਫੈਰ ਨਹੀਂ ਸੀ ਰੁਕਦੇ , ਦਰਸ਼ਨੀ ਗੇਟ ਕੋਲੇ ਪਹੁੰਚ ਕੇ ਦੁਨਾਲੀਆਂ ਦੀਆਂ ਤੰਦੂਰ ਦੀ ਸੀਖ ਆਂਗੂੰ ਗਰਮ ਹੋਈਆਂ ਨਾਲਾਂ ਵੇਖਣ ਤੋਂ ਦਿਲ ਕੰਬਦਾ ਸੀ ਕਿ ਪੈਰ ਨਹੀਂ ਸੀ ਤੁਰਦੇ……!!!!

✍🏻ਰਣਜੀਤ ਸੰਧੂ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *