1 0
Read Time:6 Minute, 1 Second

ਉਹ ਕੈਨੇਡਾ ਰਹਿੰਦਿਆਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਗੋਰਿਆਂ ਦੀ ਭਾਸ਼ਾ ਟੁੱਟੀ ਫੁੱਟੀ ਡੰਗ ਸਾਰਨ ਜੋਗੀ ਸਿੱਖ ਗਈ ਸੀ । ਨਾਂ ਕੀਤੋ ਤੇ ਪੂਰਾ ਨਾਮ ਕੁਲਵਿੰਦਰ ਕੌਰ । ਨਾਲ ਕੰਮ ਕਰਦੀਆਂ ਗੋਰੀਆਂ ਉਹਨੂੰ ‘ਕੈਮ’ ਕਹਿੰਦੀਆਂ ਪਰ ਜਦੋਂ ਵੀ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਜਾਂ ਪੰਜਾਬ ਤੋਂ ਆਇਆ ਕੋਈ ਉਹਨੂੰ ‘ਕੁਲਵਿੰਦਰ ਭੈਣਜੀ’ ਕਹਿ ਕੇ ਬੁਲਾਉਂਦਾ ਤਾਂ ਉਹਦਾ ਮਨ ਸਕੂਨ ਨਾਲ ਭਰ ਜਾਂਦਾ । ਭਰੇ ਵੀ ਕਿਵੇਂ ਨਾ ਆਵਦੀ ਭਾਸ਼ਾ ਨਾਲੋੰ ਕਿਤੇ ਟੁੱਟਿਆ ਜਾਂਦਾ ।

ਦੋ ਜੁਆਕ ਹੋਏ , ਜਮ੍ਹਾ ਗੋਰਿਆਂ ਵਰਗੇ ਜਿੰਨ੍ਹਾਂ ਦੇ ਬੁੱਲਾਂ ਤੋਂ ਅੰਗਰੇਜ਼ੀ ਤਿਲਕ ਤਿਲਕ ਜਾਂਦੀ । ਇੱਕ ਮੁੰਡਾ ਸੀ.ਏ ਲੱਗਾ ਤੇ ਦੂਜਾ ਡਾਕਟਰ ਬਣ ਗਿਆ । ਕਈ ਸਾਲਾਂ ਬਾਅਦ ਉਹ ਜੁਆਕਾਂ ਨੂੰ ਜ਼ੋਰ ਪਾ ਪਹਿਲੀ ਵਾਰ ਪੰਜਾਬ ਲੈ ਆਈ ਕਿ ਤੁਹਾਡਾ ਵਿਆਹ ਪੰਜਾਬ ਕਰਨ ਦੀ ਇੱਛਾ ਏ । ਜੁਆਕਾਂ ਦੀ ਪਹਿਲੀ ਸ਼ਰਤ ਹੀ ਇਹ ਰੱਖੀ ਕਿ ਅਸੀਂ ਜਿਸ ਕੁੜੀ ਨਾਲ ਵਿਆਹ ਕਰਾਵਾਂਗੇ ਉਸ ਨਾਲ ਮਹੀਨਾ ਘੁੰਮਾ ਫਿਰਾਂਗੇ ਤੇ ਜਾਣ ਕੇ ਫਿਰ ਹੀ ਵਿਆਹ ਕਰਾਂਵਾਗੇ । ਕਈ ਰਿਸ਼ਤੇ ਦੇਖੇ ਪਰ ਕਿਤੇ ਗੱਲ ਬਣਦੀ ਨਾ ਦਿਸੀ । ਗਰਾਰੀ ਨਾਲ ਘੁੰਮਣ ਫਿਰਨ ਤੇ ਅੜ੍ਹ ਜਾਂਦੀ ।

ਇੱਕ ਥਾਵੇਂ ਵੱਡੇ ਮੁੰਡੇ ਨੂੰ ਕੁੜੀ ਪਸੰਦ ਆ ਗਈ ਤੇ ਘਰਦਿਆਂ ਨੇ ਵੀ ਨਾਲ ਘੁੰਮਣ ਫਿਰਨ ਨੂੰ ਹਾਮੀ ਭਰ ਦਿੱਤੀ । ਦਿਨ ਮਿਥਿਆ ਗਿਆ ਤੇ ਕੁੜੀ ਮੁੰਡੇ ਨੂੰ ਮਿਲੀ ਪਰ ਨਾਲ ਉਸਦਾ ਪਿਉ ਵੀ ਆਇਆ ਸੀ । ਕਿਸੇ ਨੇ ਕਿਸੇ ਨਾਲ ਕੋਈ ਖਾਸ ਗੱਲ ਨਾ ਕੀਤੀ ।ਹੱਥ ਫੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਕੁੜੀ ਦਾ ਪਿਉ ਅੱਖਾਂ ਕੱਢ ਦਿੱਤਾ । ਉਹ ਡਰ ਕੇ ਪਰ੍ਹਾ ਹੋ ਜਾਂਦਾ । ਅਗਲੇ ਦਿਨ ਹੀ ਉਹਨੇ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਕਿ ਇੱਥੋਂ ਦੇ ਲੋਕ ਸਪੇਸ ਦਾ ਮਤਲਬ ਨਹੀਂ ਸਮਝਦੇ । ਜਿੱਥੇ ਜੀਅ ਕਰਦਾ ਮੂੰਹ ਚੁੱਕ ਕੇ ਨਾਲ ਤੁਰ ਪੈਂਦੇ । ਕੀਤੋ ਨੂੰ ਇਹ ਸਭ ਗੱਲਾਂ ਔੜ ਨਹੀਂ ਸੀ ਲੱਗਦੀਆਂ ਕਿਉਂਕਿ ਉਸ ਨਾਲ ਵੀ ਵਿਆਹ ਵੇਲੇ ਐਂਵੇ ਹੋਇਆ ਸੀ । ਮੁੰਡੇ ਵਾਲਿਆਂ ਨੇ ਕੱਪੜੇ ਬਣਾਉਣ ਬਹਾਨੇ ਨਾਲ ਇੱਕ ਦੋ ਵਾਰ ਬੁਲਾਇਆ ਸੀ ਤਾਂ ਭੂਆ , ਚਾਚੀ , ਪਿਉ , ਭਰਾ ,ਭੈਣਾਂ ਸਾਰੇ ਨਾਲ ਤੁਰ ਪੈਂਦੇ ਸੀ । ਕੀਤੋ ਦਾ ਘਰਵਾਲਾ ਵੀ ਉਦੋਂ ਇੰਝ ਹੀ ਖਿੱਝਦਾ ਸੀ ਕਿ ਆਪਾਂ ਨੂੰ ਇਕੱਲਿਆਂ ਨੂੰ ਨਹੀਂ ਛੱਡਿਆ ਗੱਲ ਕਰਨ ਲਈ । ਕੀਤੋ ਗੱਲ ਨਾ ਬਣਦੀ ਦੇਖ ਕੈਨੇਡਾ ਵਾਪਸ ਆ ਗਈ ਤੇ ਉਹਨਾਂ ਨੂੰ ਕਿਹਾ ਕਿ ਜਿੱਥੇ ਮਰਜ਼ੀ ਕਰਾ ਲਉ ।

ਮੁੰਡਿਆਂ ਨੇ ਗੋਰੀਆਂ ਨਾਲ ਵਿਆਹ ਕਰਾ ਲਏ । ਦੋਵੇਂ ਮੁੰਡੇ ਅਲੱਗ ਅਲੱਗ ਰਹਿਣ ਲੱਗ ਗਏ ।ਨਹੁੰਆਂ ਕਦੇ ਕਦੇ ਜਦੋਂ ਕੀਤੋ ਨੂੰ ਮਿਲਣ ਆਉਂਦੀਆਂ ਫਰਾਟੇਦਾਰ ਅੰਗਰੇਜ਼ੀ ਬੋਲਦੀਆਂ ਤਾਂ ਕੀਤੋ ਯੈੱਸ ਨੋ ਕਰ ਛੱਡਦੀ । ਉਸਦੀ ਰੀਝ ਸੀ ਕਿ ਮੁੰਡਿਆਂ ਦੇ ਘਰ ਪੰਜਾਬੀ ਨਹੁੰਆਂ ਆਉਂਦੀਆਂ ਜਿੰਨ੍ਹਾਂ ਨਾਲ ਉਹ ਪੰਜਾਬੀ ‘ਚ ਦੁੱਖ ਸੁੱਖ ਕਰਦੀ ਤੇ ਆਵਦੇ ਵਿੱਛੜਿਆਂ ਦੇ ਕਿੱਸੇ ਸੁਣਾਉਂਦੀ । ਕੀਤੋ ਦਾ ਘਰਵਾਲੇ ਦੀ ਐਂਕਸੀਡੈਂਟ ‘ਚ ਮੌਤ ਹੋ ਗਈ । ਕੀਤੋ ਇਕੱਲੀ ਰਹਿੰਦੀ , ਪਾਠ ਕਰਦੀ ਤੇ ਕਦੇ ਕਦੇ ਆਵਦੀਆਂ ਸਹੇਲੀਆਂ ਨਾਲ ਪਾਰਕ ‘ਚ ਘੁੰਮਣ ਚਲੀ ਜਾਂਦੀ । ਹੁਣ ਮੁੰਡੇ ਸਾਲ ਬਾਅਦ ਘਰ ਗੇੜਾ ਮਾਰਦੇ ਤੇ ਕਦੇ ਕਦੇ ਸਾਲ ਤੋਂ ਉੱਪਰ ਵੀ ਟਾਈਮ ਲੰਘ ਜਾਂਦਾ । ਕੀਤੋ ਨੇ ਕਦੇ ਆਵਦੇ ਆਪ ਨੂੰ ਡੋਲਣ ਨਹੀਂ ਸੀ ਦਿੱਤਾ । ਜ਼ਿੰਦਾਦਿਲ ਹੋ ਕੇ ਜ਼ਿੰਦਗੀ ਜਿਉਣ ਦਾ ਪ੍ਰਣ ਜੋ ਲਿਆ ਹੋਇਆ ਸੀ ।

ਜਦੋਂ ਆਵਦਾ ਆਪ ਸੰਭਲਦਾ ਨਾ ਦਿਸਿਆ ਤਾਂ ਉਹ ਓਲਡ ਏਜ਼ ਹੋਮ ‘ਚ ਚਲੀ ਗਈ ਜਿੱਥੇ ਉਹਦਾ ਬਹੁਤ ਦਿਲ ਲੱਗਣ ਲੱਗਾ । ਉਹ ਰੋਜ਼ ਲਿਪਸਟਿਕ ਲਗਾਉਂਦੀ , ਨੇਲਪਾਲਿਸ਼ ਲਗਵਾਉਂਦੀ ਤੇ ਬਿੰਦੀ ਲਾ ਕੇ ਆਵਦੇ ਆਪ ਨੂੰ ਕਿੰਨਾ ਟਾਈਮ ਸ਼ੀਸ਼ੇ ‘ਚ ਨਿਹਾਰਦੀ ਰਹਿੰਦੀ । ਉਹਦੇ ਸੂਟ ਮਹੀਨੇ ਬਾਅਦ ਇੰਡੀਆ ਤੋਂ ਉਸੇ ਬੁਟੀਕ ਤੋਂ ਬਣ ਕੇ ਕੋਰੀਅਰ ਹੋ ਓਲਡ ਏਜ਼ ਹੋਮ ਆਉਂਦੇ ਤੇ ਕਦੇ ਕਦੇ ਉਹ ਆਨਲਾਈਨ ਵੀ ਆਰਡਰ ਕਰਦੀ । ਸ਼ੋਸ਼ਲ ਮੀਡੀਆ ਵਰਤਦੀ ਤੇ ਤਿਆਰ ਹੋ ਕੇ ਆਵਦੀ ਰੋਜ਼ ਫੋਟੋ ਪੋਸਟ ਕਰਦੀ । ਉਸਦੇ ਮੁੰਡੇ ਵੀ ਤਾਂ ਸਵੇਰੇ ਉੱਠ ਕੇ ਉਸਦੀ ਇੰਸਟਾ ਵਾਲੀ ਫੋਟੋ , ਸਟੇਟਸ ਦੇਖ ਕੇ ਨਿਸ਼ਚਿਤ ਹੁੰਦੇ ਕਿ ਉਹ ਠੀਕ ਏ , ਜਿਉਂਦੀ ਏ । ਓਲਡ ਏਜ਼ ਹੋਮ ਜਦ ਉਹ ਆਵਦੀ ਮਾਂ ਨੂੰ ਮਿਲਣ ਆਉਂਦੇ ਤਾਂ ਮੇਕਅੱਪ ਦਾ ਸਮਾਨ ਉਸਨੂੰ ਦੇ ਜਾਂਦੇ । ਚਾਰ ਪੰਜ ਸਾਲ ਇੰਝ ਚੱਲਿਆ ਤੇ ਫਿਰ ਮੁੰਡਿਆਂ ਦਾ ਆਉਣਾ ਜਾਣਾ ਬੰਦ ਹੋ ਗਿਆ । ਸ਼ਾਇਦ ਉਹ ਵੀ ਆਵਦੇ ਬਾਲ ਬੱਚਿਆਂ ‘ਚ ਰੁੱਝ ਗਏ । ਇੱਕ ਦਿਨ ਸਵੇਰੇ ਜਦ ਉਸਦਾ ਮੁੰਡਾ ਉੱਠਿਆ ਤੇ ਇੰਸਟਾ ਤੇ ਆਵਦੀ ਮਾਂ ਦੀ ਚਿੱਟੇ ਕੱਪੜੇ ‘ਚ ਲਿਪਟੀ ਅੱਖਾਂ ਬੰਦ ਵਾਲੀ ਤਸਵੀਰ ਦੇਖੀ ਤੇ ਜਿਸ ਤੇ rip ਲਿਖਿਆ ਹੋਇਆ । ਮੁੰਡੇ ਨੇ ਅੱਖਾਂ ਮਲਦੇ ਨੇ ਉਹ ਤਸਵੀਰ ਆਵਦੇ ਦੂਜੇ ਭਰਾ ਨੂੰ ਭੇਜੀ ਤੇ ਕਿਹਾ ਕਿ ਅੱਜ ਮਾਂ ਨੂੰ ਮਿਲਣ ਚੱਲਦੇ ਹਾਂ । ਦੋਨੋਂ ਜਦ ਓਲਡ ਏਜ਼ ਹੋਮ ਪੁੱਜੇ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਕੀਤੋ ਪੂਰੀ ਹੋ ਗਈ ਸੀ ਤੇ ਉਸਦਾ ਸੰਸਕਾਰ ਵੀ ਉਸਦੀ ਮਰਜ਼ੀ ਅਨੁਸਾਰ ਪੁੱਤਾਂ ਨੂੰ ਬਿਨਾਂ ਦੱਸੇ ਹੀ ਕਰ ਦਿੱਤਾ ਗਿਆ ਸੀ ਤੇ ਫੋਟੋ ਪਾਉਣ ਦੀ ਹਿਦਾਇਤ ਉਹਨੇ ਸਾਂਭਣ ਵਾਲੀ ਨਰਸ ਨੂੰ ਦਿੱਤੀ ਸੀ ਜਿਸਨੂੰ ਉਹਨੇ ਆਵਦਾ ਫੋਨ ਤੇ ਆਈ ਡੀ ਦਾ ਪਾਸਵਰਡ ਦੱਸ ਦਿੱਤਾ ਸੀ । ਮੁੰਡੇ ਸਾਰੀ ਘਟਨਾ ਸੁਣ ਕੇ ਸ਼ਰਮਿੰਦਾ ਹੋਏ ਤੇ ਖਾਲੀ ਹੱਥੀ ਘਰ ਪਰਤ ਗਏ ਕਿਉਂਕਿ ਉਸਦੀਆਂ ਅਸਤੀਆਂ ਨੂੰ ਪੈਕ ਕਰ ਇੰਡੀਆ ਭੇਜ ਦਿੱਤਾ ਗਿਆ । ਜ਼ਿੰਦਗੀ ਨਾਲ ਖਿੱਚ ਧੂਹ ਕਰ ਉਹ ਆਵਦੀ ਮਿੱਟੀ ‘ਚ ਰਲ ਗਈ ਸੀ । ਲੇਖਕ – ਬਰਾੜ ਜੈਸੀ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *